Saturday, 3 November 2012

Gurbani Vich Kvaaou Sabad Da Arth


                          ਗੁਰਬਾਣੀ ਵਿੱਚ ਕਵਾਉ ਸਬਦ ਦਾ ਅਰਥ 


ਇਹ ਅੱਖਰ ਗੁਰਬਾਣੀ ਵਿੱਚ ਦੋ ਵਾਰ ਆਉਦਾ ਹੈ।


ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩)
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਆਸਾ ਦੀ ਵਾਰ-੪੬੩)


ਤੇ ਗੁਰਬਾਣੀ ਵਿੱਚ ਇੱਕ ਅੱਖਰ ਵਰਤਿਆ ਗਿਆ ਹੈ, "ਕਵਾਵੈ"

ਏਕ ਕਵਾਵੈ ਤੇ ਸਭਿ ਹੋਆ ॥(ਮਾਰੂ-ਪੰਨਾ:੧੦੦੩)

ਆਮ ਸਾਨੂੰ ਜੋ ਵੀ ਪਦਛੇਦ ਮਿਲਦੇ ਹਨ ਉਹਨਾਂ ਵਿੱਚ ਉਪਰੋਕਤ ਪਦਛੇਦ ਨੂੰ ਸਹੀਂ ਮੰਨ ਕੇ ਹੀ ਸਾਰੇ ਅਰਥ ਕੀਤੇ ਹੋਏ ਹਨ ਪਰ ਜੇਕਰ ਅਸੀਂ ਇਸਦੇ ਅਰਥ ਜੋ ਟੀਕਿਆ ਵਿੱਚ ਜਾਂ ਆਮ ਪ੍ਰਚਾਰਕਾ ਨੇ ਕੀਤੇ ਹਨ ਨੂੰ ਗਹੁ ਨਾਲ ਵੀਚਾਰੀਏ ਤਾਂ ਅਜਿਹਾ ਸੱਚ ਉੱਬਰ ਕੇ ਸਾਹਮਣੇ ਆਉਦਾ ਹੈ ਜੋ ਆਮ ਸੰਗਤ ਨੂੰ ਨਹੀਂ ਪਤਾ। ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਸੰਸਾਰ ਦਾ ਪਸਾਰਾ ਕਵਾਉ ਤੋਂ ਹੋਇਆ ਹੈ ਪਰ ਜੇਕਰ ਅਸੀਂ ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਪੁੱਛੀਏ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਪਸਾਰਾ ਪਵਨੇ (ਵਾਉ,ਹਵਾ) ਤੋਂ ਹੋਇਆ ਹੈ । ਇਸ ਗੱਲ ਨੂੰ ਭਗਤ ਨਾਨਕ ਦੇਵ ਜੀ ਸਿਰੀਰਾਗ ਵਿੱਚ ਖੋਲਦੇ ਹੋਏ ਕਹਿੰਦੇ ਹਨ ਕਿ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥ 

ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਸਿਰੀਰਾਗ-ਪੰਨਾ-੧੯)

ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਮ ਪ੍ਰਚਾਰ ਵਿੱਚ ਤਾਂ ਕਵਾਉ ਤੋਂ ਪਸਾਰਾ ਕਿਹਾ ਜਾਂਦਾ ਹੈ । ਕਿਉਕਿ ਉਹ ਇਹਨਾਂ ਦੋ ਪੰਗਤੀਆਂ "ਕੀਤਾ ਪਸਾਉ ਏਕੋ ਕਵਾਉ॥(ਜਪੁ-ਪੰਨਾ ਨੰ:੩)" "ਏਕ ਕਵਾਵੈ ਤੇ ਸਭਿ ਹੋਆ॥ (ਮਾਰੂ-ਪੰਨਾ:੧੦੦੩)"
ਦੇ ਅਰਥ ਕਰਦੇ ਹੋਇ ਕਹਿੰਦੇ ਹਨ ਕਿ ਇਹਨਾਂ ਪੰਗਤੀਆਂ ਵਿੱਚ ਗੁਰਬਾਣੀ ਕਵਾਉ ਤੋਂ ਪਸਾਰਾ ਮੰਨਦੀ ਹੈ।
ਹੁਣ ਬਹੁਤ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਗੁਰਬਾਣੀ ਵਿੱਚ ਆਪਾ ਵਿਰੋਧੀ ਗੱਲਾਂ ਲਿਖੀਆਂ ਹੋਈਆਂ ਹਨ ? 

ਕਿਉਕਿ ਟੀਕੇਕਾਰਾਂ ਦੇ ਟੀਕੇ ਅਨੁਸਾਰ ਉਪਰੋਕਤ ਗੁਰਬਾਣੀ ਨੇ ਦੋਵੇਂ ਹੀ ਗੱਲਾਂ ਮੰਨ ਲਈਆ ਹਨ ਕਿ ਪਸਾਰਾ ਕਵਾਉ ਤੋਂ ਅਤੇ ਪਵਨੇ (ਵਾਉ) ਤੋਂ ਹੋਇਆ ਹੈ।
ਸਿੱਖ ਮੱਤ ਪਰਮੇਸਰ ਦੀ ਮੱਤ ਹੋਣ ਕਾਰਨ ਇਹ ਸਾਨੂੰ ਸਾਰਿਆ ਨੂੰ ਪਤਾ ਹੈ ਕਿ ਇਸ ਵਿੱਚ ਕੋਈ ਵੀ ਆਪਾ ਵਿਰੋਧੀ ਗੱਲ ਨਹੀਂ ਹੈ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ "ਜੇਕਰ ਆਪਾ ਵਿਰੋਧੀ ਗੱਲ ਨਹੀਂ ਹੈ, ਤਾਂ ਫਿਰ ਗਲਤੀ ਕਿੱਥੇ ਹੈ ?
ਜੇਕਰ ਅਸੀਂ ਇਸ ਗੱਲ ਦੀ ਪੂਰੀ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਗਲਤੀ ਸਾਹਮਣੇ ਆ ਜਾਂਦੀ ਹੈ। ਵਿਚਾਰ ਕਰਨ ਤੇ ਪਤਾ ਲਗਦਾ ਹੈ ਕਿ ਅਸਲ ਵਿੱਚ ਗਲਤੀ ਗੁਰਬਾਣੀ ਵਿੱਚ ਨਹੀਂ । ਗੁਰਬਾਣੀ ਦੇ ਅਰਥਾਂ ਸਬੰਧੀ ਉਲਝੇ ਹੋਏ ਵਿਦਵਾਨਾ ਵਿੱਚ ਹੈ ਕਿਉਕਿ ਗਲਤੀ ਪਦਛੇਦ ਕਰਨ ਸਮੇਂ ਹੋਈ ਹੈ । ਜਿੰਨੇ ਵੀ ਅੱਜ ਤੱਕ ਟੀਕੇ ਮਿਲਦੇ ਹਨ ਉਹਨਾਂ ਵਿੱਚ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਅਸਲ ਪਸਾਰਾ ਕਵਾਉ ਤੋਂ ਹੈ ਜਾਂ ਵਾਉ ਤੋਂ ?
 ਹੁਣ ਅਸੀਂ ਆਪ ਜੀ ਦੇ ਸਾਹਮਣੇ ਅਜਿਹੇ ਅਰਥ ਰੱਖਣ ਜਾ ਰਹੇ ਹਾਂ । ਜੋ ਗੁਰਮੱਤ ਦੀ ਅਸਲ ਵਿਚਾਰਧਾਰਾ ਨੂੰ ਸਾਹਮਣੇ ਲਿਆਉਂਦੇ ਹਨ ਤੇ ਇਹ ਸਾਬਤ ਕਰਦੇ ਹਨ ਕਿ ਗੁਰਬਾਣੀ ਵਿੱਚ ਕੋਈ ਵੀ ਆਪਾ ਵਿਰੋਧੀ ਗੱਲ ਨਹੀਂ ਹੈ। ਅਸੀਂ ਉਹ ਦੋ ਪੰਗਤੀਆਂ ਲੈਂਦੇ ਹਾਂ । ਜਿੰਨਾ ਵਿੱਚ ਸਾਰੇ ਵਿਦਵਾਨਾਂ ਨੇ ਆਪਣੀ ਬੇਅਕਲੀ ਦਾ ਸਬੂਤ ਦਿੱਤਾ ਹੈ।

ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩)
 ਏਕ ਕਵਾਵੈ ਤੇ ਸਭਿ ਹੋਆ॥(ਮਾਰੂ-ਪੰਨਾ:੧੦੦੩)

ਉਪਰੋਕਤ ਪੰਗਤੀਆਂ ਦੇ ਸਹੀਂ ਪਦਛੇਦ ਅਤੇ ਸਹੀਂ ਅਰਥਾਂ ਦਾ ਗਿਆਨ ਨਾ ਹੋਣ ਕਾਰਨ ਵਿਦਵਾਨ ਟਪਲਾ ਖਾ ਗਏ ਤੇ ਸਿਰੀਰਾਗ ਦੀ ਉਹ ਪੰਗਤੀਆਂ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥
ਨੂੰ ਭੁਲ ਦਿੱਤਾ। ਜੋ ਕਿ ਦੱਸਦੀਆਂ ਹਨ ਕਿ ਪਸਾਰਾ ਪਵਨ ਤੋਂ ਹੋਇਆ ਹੈ ਤੇ ਵਿਦਵਾਨ ਕਹਿ ਬੈਠੇ ਕਿ ਪਸਾਰਾ ਕਵਾਉ ਤੋਂ ਹੋਇਆ ਹੈ ਪਰ ਜੇਕਰ ਅਸੀਂ ਉਹਨਾਂ ਪੰਗਤੀਆ ਦਾ ਸਹੀ ਪਦਛੇਦ ਕਰਕੇ ਅਰਥ ਕਰੀਏ ਤਾਂ ਹੀ ਇਹ ਗੋਲ ਘੁੰਡੀ ਖੁੱਲਦੀ ਹੈ।   

(੧) ਸ਼ੁਧ ਪਦਛੇਦ:-
ਕੀਤਾ ਪਸਾਉ ਏਕੋਕ ਵਾਉ॥

ਅਰਥ:
ਇਹ ਸਾਰਾ ਪਸਾਰਾ ਕੇਵਲ ਇੱਕੋ ਇੱਕ ਹਵਾ (ਵਾਉ) ਤੋਂ ਹੋਇਆ ਹੈ।

(2) ਸ਼ੁਧ  ਪਦਛੇਦ:-
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦਕ ਵਾਉ॥

ਅਰਥ:
ਹੇ ਪਰਮੇਸਰ ਤੂੰ ਸਾਰਿਆਂ ਦੇ ਦਿਲ ਦੀ ਜਾਣਦਾ ਹੈਂ।ਤੇ ਦੇ ਕੇ ਲੈ ਲੈਦਾ ਹੈਂ।ਪ੍ਰਾਣ ਵਾਯੂ।ਭਾਵ ਕੇ ਸਾਸਾਂ ਦੀ ਪੂਜੀ।

(3) ਸ਼ੁਧ ਪਦਛੇਦ:-
ਏਕਕ ਵਾਵੈ ਤੇ ਸਭਿ ਹੋਆ॥

ਅਰਥ:
ਕੇਵਲ ਇੱਕੋ ਇੱਕ ਹਵਾ(ਵਾਵੈ)ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ।

ਅਸੀਂ ਜੇਕਰ ਉਪਰੋਕਤ ਪਦਛੇਦ ਅਤੇ ਅਰਥ ਕਰਦੇ ਹਾਂ ਤਾਂ ਹੀ ਇਹਨਾਂ ਪੰਗਤੀਆਂ ਦੇ ਅਰਥ ਸਹੀਂ ਆਉਦੇ ਹਨ ਤੇ ਸਿਰੀਰਾਗ ਦੀ ਉਸ ਪੰਗਤੀ ਨਾਲ ਮਿਲਦੇ ਹਨ ਕਿ,

ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਉਪਰੋਕਤ ਪਦਛੇਦ ਸਹੀ ਹੈ, ਤਾਂ ਏਕਕ, ਏਕੋਕ ਤੇ ਜਿੰਦਕ ਸਬਦ ਕਿਸ ਤਰ੍ਹਾਂ ਬਣਿਆਂ। ਗੁਰਬਾਣੀ ਵਿੱਚ 'ਏਕੋ ਏਕੁ' ਸਬਦ ਕਈ ਵਾਰ ਵਰਤਿਆ ਗਿਆ ਹੈ।
ਏਕੋ ਏਕੁ ਏਕੁ ਪਛਾਨੈ॥(੨੮੧)
ਏਕੋ ਏਕੁ ਏਕੁ ਹਰਿ ਆਪਿ॥(੨੮੯) 
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ॥(੨੯੯)
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥(੩੭੯)
ਏਕੋ ਏਕੀ ਨੈਨ ਨਿਹਾਰਉ॥(੩੮੬) 
ਏਕੋ ਏਕੁ ਨਿਰੰਜਨ ਪੂਜਾ॥(੮੮੭)
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥(੯੩੦)
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥(੧੦੩੪)
ਏਕੋ ਏਕੁ ਵਰਤੈ ਸਭੁ ਸੋਈ॥(੧੦੪੪)  
ਏਕੋ ਏਕੁ ਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ ਹੇ॥(੧੦੫੧)
ਏਕੋ ਏਕੁ ਜਪੀ ਮਨ ਮਾਹੀ॥(੧੦੭੭)
ਏਕੋ ਏਕੁ ਰਵਿਆ ਸਭ ਠਾਈ॥(੧੦੮੦)
ਏਕੋ ਏਕੁ ਸਭ ਆਖਿ ਵਖਾਣੈ॥(੧੧੭੬)
ਏਕੋ ਏਕੁ ਰਹਿਆ ਭਰਪੂਰਿ॥(੧੧੭੭)
ਏਕੋ ਏਕੁ ਵਰਤੈ ਹਰਿ ਲੋਇ॥(੧੨੭੭)
ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨਾ ਕੋਈ॥(੧੨੫੯)

ਉਪਰੋਕਤ ਪੰਗਤੀਆਂ ਵਿੱਚ 'ਏਕੋ ਏਕੁ' ਵਰਤਿਆ ਗਿਆ ਹੈ। 
ਜਿਸ ਸਮੇਂ ਏਕੋ ਏਕੁ ਦੋ ਸਬਦਾਂ ਦੀ ਆਪਸ ਵਿੱਚ ਸੰਧੀ ਹੋ ਜਾਦੀਂ ਹੈ ਤਾਂ ਹੋਰ ਦੋ ਸਬਦਾਂ ਦੀ ਉਤਪਤੀ ਹੁੰਦੀ ਹੈ।

ਏਕੋ+ਏਕੁ=ਏਕਕ,ਏਕੋਕ

ਏਕੋ ਏਕੁ, ਏਕਕ ਤੇ ਏਕੋਕ ਗੁਰਬਾਣੀ ਅਨੁਸਾਰ ਇੱਕੋ ਜਿਹੇ ਅਰਥ (ਸਮਅਰਥੀ) ਹਨ।

ਅਰਥ- ਕੇਵਲ ਇੱਕੋ ਇੱਕ

ਇਸੇ ਤਰਾਂ ਇੱਕ ਸਬਦ ਹੈ 'ਜਿੰਦਕ', ਇਸ ਦੇ ਪ੍ਰਥਾਏ ਗੁਰਬਾਣੀ ਵਿੱਚ ਦੋ ਪੰਗਤੀਆਂ ਹਨ।

ਜਿੰਦ ਨਿਮਾਣੀ ਕਢੀਐ ਹਡਾ ਕੂ ਕੜਕਾਇ॥(੧੩੭੭)
ਜਿੰਦ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥(੧੩੭੭)

ਗੁਰਬਾਣੀ ਵਿੱਚ ਜਿੰਦਕ ਤੇ ਜਿੰਦ ਸਬਦ ਜੀਵ ਆਤਮਾਂ ਦੇ ਸਬੰਧ ਵਿੱਚ ਆਏ ਹਨ।

ਹੁਣ ਅਸੀਂ ਗੁਰਬਾਣੀ ਦੀਆਂ ਉਪਰੋਕਤ ਦਲੀਲਾਂ ਦੇ ਅਧਾਰ ਤੇ ਆਪ ਜੀ ਨੂੰ ਦੱਸਣਾ ਚਹੁੰਦੇ ਹਾਂ। ਅਸਲ ਗਲਤੀ ਪਦਛੇਦ ਵਿੱਚ ਸੀ ਪਰ ਹੁਣ ਇਹ ਗੱਲ ਖੁੱਲ ਕੇ ਵਿਚਾਰ ਹੋਣ ਕਾਰਨ ਇਸ ਸਵਾਲ ਦਾ ਹੱਲ ਹੋ ਗਿਆ ਕਿ ਪਸਾਰਾ ਕਵਾਉ ਤੋਂ ਨਹੀਂ ਬਲਕੇ ਵਾਉ (ਵਾਯੂ,ਹਵਾ,ਪਵਨ) ਤੋਂ ਹੋਇਆ ਹੈ ।

ਹੁਣ ਇਹ ਗੱਲ ਗੁਰਬਾਣੀ ਵਿੱਚੋਂ ਸਾਬਤ ਹੋ ਗਈ ਹੈ ਕਿ ਕਵਾਉ ਨਾਂਮ ਦਾ ਕੋਈ ਲਫਜ ਗੁਰਬਾਣੀ ਵਿੱਚ ਨਹੀਂ ਹੈ ਤੇ ਇਹ ਲਫਜ ਗੁਰਮਤ ਦਾ ਨਹੀਂ ਬਲਕੇ ਗੁਰਮਤ ਦੇ ਗਿਆਨ ਸਬੰਧੀ ਉਲਝੇ ਹੋਏ ਵਿਦਵਾਨਾਂ ਦੀ ਮਨਮੱਤ ਦੁਆਰਾ ਘੜਿਆ ਹੋਇਆ ਲਫਜ ਹੈ। ਸੰਸਾਰ ਕਿਸ ਤਰ੍ਹਾਂ ਪੈਦਾ ਹੋਇਆ ਵਿਦਵਾਨਾਂ ਨੂੰ ਨਾ ਪਤਾ ਹੋਣ ਕਰਕੇ ਉਹ,
ਕੀਤਾਪਸਾਉਏਕੋਕਵਾਉ॥
ਤੂੰਜਾਣੋਈਸਭਸੈਦੇਲੈਸਹਿਜਿੰਦਕਵਾਉ॥
ਏਕਕਵਾਵੈਤੇਸਭਿਹੋਆ॥
ਇਹਨਾਂ ਪੰਗਤੀਆਂ ਦੇ ਪਦਛੇਦ ਅਤੇ ਅਰਥਾਂ ਨੂੰ ਨਾ ਸਮਜ ਸਕੇ ਤੇ ਆਪਣੇ ਕੋਲੋ ਹੀ ਲਫਜ ਕਵਾਉ ਬਣਾ ਦਿੱਤਾ ਤੇ ਆਪਾ ਵਿਰੋਧੀ ਅਰਥ ਦੋਵੇ ਹੀ ਮੰਨੀਂ ਬੈਠੇ ਹਨ। ਇਹ ਹੀ ਅਰਥ (ਕਿ ਪਸਾਰਾ ਕਵਾਉ ਤੋਂ ਹੋਇਆ ਹੈ) ਪ੍ਰੋ:ਸਾਹਿਬ ਸਿੰਘ ਜੀ ਵੀ ਮੰਨਦੇ ਹਨ ।

ਪਰ ਦੁੱਖ ਉਸ ਸਮੇਂ ਹੁੰਦਾ ਹੈ।ਜਦੋਂ ਆਪਣੇ ਆਪ ਨੂੰ ਗੁਰਮਤ ਦੇ ਗਿਆਨੀ ਮੰਨਣ ਵਾਲੇ ਸਾਰੇ ਹੀ ਵਿਦਵਾਨ ਅਜਿਹੀਆਂ ਬਹੁਤ ਸਾਰੀਆ, ਅਰਥਾਂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਹੋਰ ਕੰਮ ਲੱਗੇ ਹੋਏ ਹਨ। ਅਸੀਂ ਤਾਂ ਪਾਠਕਾਂ ਨੂੰ ਇਹ ਹੀ ਸੰਦੇਸ ਦੇਣਾ ਚਹੁੰਦੇ ਹਾਂ ਕਿ ਉਹ ਅਜਿਹੀਆਂ ਗਲਤੀਆ ਪ੍ਰਤੀ ਸੁਚੇਤ ਹੋਣ ਅਤੇ ਗੁਰਮਤ ਤੋਂ ਜਾਣੂ ਹੋਣ।
                      
ਅਮਰਜੀਤ ਸਿੰਘ
ਹਰਦਾਸਪੁਰਾ(ਬਰਨਾਲਾ,ਪੰਜਾਬ)
amarjeetsinghhardaspura@gmail.com


No comments:

Post a comment

Note: only a member of this blog may post a comment.